Indian Revised Version — Punjabi (2019)
ਜ਼ਬੂਰ 88
1ਗੀਤ; ਕੋਰਹ ਵੰਸ਼ੀਆਂ ਦਾ ਭਜਨ। ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਤਲਗੋਨ ਦੇ ਰਾਗ ਵਿੱਚ ਅਜ਼ਰਾ ਵੰਸ਼ੀ ਹੇਮਾਨ ਦਾ ਮਸ਼ਕੀਲ ਹੇ ਯਹੋਵਾਹ, ਮੇਰੇ ਮੁਕਤੀ ਦੇ ਪਰਮੇਸ਼ੁਰ, ਮੈਂ ਦਿਨ ਨੂੰ ਵੀ ਅਤੇ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੱਤੀ। 2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ, ਮੇਰੀ ਹਾਹਾਕਾਰ ਵੱਲ ਕੰਨ ਝੁਕਾ! 3ਮੇਰੀ ਜਾਨ ਤਾਂ ਬੁਰਿਆਈਆਂ ਨਾਲ ਭਰੀ ਹੋਈ ਹੈ, ਅਤੇ ਮੇਰਾ ਜੀਵਨ ਪਤਾਲ ਦੇ ਨੇੜੇ ਢੁੱਕਦਾ ਜਾਂਦਾ ਹੈ। 4ਮੈਂ ਕਬਰ ਵਿੱਚ ਲਹਿਣ ਵਾਲਿਆਂ ਦੇ ਨਾਲ ਗਿਣਿਆ ਗਿਆ, ਮੈਂ ਨਿਰਬਲ ਆਦਮੀ ਵਰਗਾ ਹੋ ਗਿਆ ਹਾਂ। 5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਨ੍ਹਾਂ ਵੱਢਿਆ ਹੋਇਆ ਵਾਂਗੂੰ ਜਿਹੜੇ ਕਬਰ ਵਿੱਚ ਲੇਟੇ ਪਏ ਹਨ, ਜਿਨ੍ਹਾਂ ਨੂੰ ਤੂੰ ਫੇਰ ਚੇਤੇ ਨਹੀਂ ਕਰਦਾ, ਅਤੇ ਓਹ ਤੇਰੇ ਹੱਥੋਂ ਵਿੱਛੜ ਗਏ ਹਨ। 6ਤੂੰ ਮੈਨੂੰ ਅੱਤ ਡੂੰਘੀ ਕਬਰ, ਅਤੇ ਅਨ੍ਹੇਰਿਆਂ ਤੇ ਗਹਿਰਿਆਂ ਥਾਵਾਂ ਵਿੱਚ ਰੱਖਿਆ ਹੈ। 7ਤੇਰਾ ਕਹਿਰ ਮੇਰੇ ਉੱਤੇ ਡਾਢਾ ਭਾਰੀ ਪਿਆ ਹੋਇਆ ਹੈ, ਅਤੇ ਆਪਣੀਆਂ ਸਾਰੀਆਂ ਮੌਜਾਂ ਨਾਲ ਤੂੰ ਮੈਨੂੰ ਦੁੱਖ ਦਿੱਤਾ ਹੈ। ਸਲਹ। 8ਮੇਰੇ ਜਾਣ ਪਛਾਣਾਂ ਨੂੰ ਤੂੰ ਮੈਥੋਂ ਦੂਰ ਕੀਤਾ, ਅਤੇ ਮੈਨੂੰ ਉਨ੍ਹਾਂ ਲਈ ਘਿਣਾਉਣਾ ਬਣਾਇਆ ਹੋਇਆ ਹੈ, ਮੈਂ ਬੰਦ ਹਾਂ ਅਤੇ ਮੈਥੋਂ ਬਾਹਰ ਨਿੱਕਲਿਆ ਨਹੀਂ ਜਾਂਦਾ! 9ਮੇਰੀਆਂ ਅੱਖਾਂ ਦੁੱਖ ਨਾਲ ਅੰਬ ਗਈਆਂ ਹਨ, ਹੇ ਯਹੋਵਾਹ, ਮੈਂ ਨਿੱਤ ਤੈਨੂੰ ਪੁਕਾਰਿਆ ਹੈ, ਮੈਂ ਆਪਣੇ ਹੱਥ ਤੇਰੀ ਵੱਲ ਅੱਡੇ ਹੋਏ ਹਨ। 10ਕੀ ਤੂੰ ਮੁਰਦਿਆਂ ਨੂੰ ਅਚਰਜ਼ ਵਿਖਾਵੇਂਗਾ? ਕੀ ਰੂਹਾਂ ਉੱਠ ਕੇ ਤੈਨੂੰ ਸਲਾਹੁਣਗੀਆਂ?। ਸਲਹ। 11ਕੀ ਕਬਰ ਵਿੱਚ ਤੇਰੀ ਦਯਾ, ਅਤੇ ਨਰਕ ਕੁੰਡ ਵਿੱਚ ਤੇਰੀ ਸਚਿਆਈ ਦਾ ਵਰਣਨ ਹੋਵੇਗਾ? 12ਕੀ ਤੇਰੇ ਅਚਰਜ਼ ਅਨ੍ਹੇਰੇ ਵਿੱਚ ਜਾਣੇ ਜਾਣਗੇ, ਅਤੇ ਤੇਰਾ ਧਰਮ ਭੁੱਲਣਹਾਰੇ ਦੇਸ ਵਿੱਚ? 13ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੱਤੀ ਹੈ, ਅਤੇ ਅੰਮ੍ਰਿਤ ਵੇਲੇ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ? 14ਹੇ ਯਹੋਵਾਹ, ਤੂੰ ਕਿਉਂ ਮੇਰੀ ਜਾਨ ਨੂੰ ਤਿਆਗਦਾ ਹੈਂ? ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾਉਂਦਾ ਹੈਂ? 15ਮੈਂ ਜਵਾਨੀ ਤੋਂ ਦੁਖੀਆ ਅਤੇ ਮਰਨਾਊ ਰਿਹਾ ਹਾਂ, ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹਾਂ। 16ਤੇਰਾ ਤੇਜ ਗੁੱਸਾ ਮੇਰੇ ਉੱਤੋਂ ਦੀ ਲੰਘਿਆ, ਤੇਰੇ ਹੌਲ ਨੇ ਮੈਨੂੰ ਮੁਕਾ ਦਿੱਤਾ। 17ਉਨ੍ਹਾਂ ਨੇ ਪਾਣੀ ਵਾਂਗੂੰ ਮੈਨੂੰ ਸਾਰਾ ਦਿਨ ਘੇਰ ਛੱਡਿਆ ਹੈ, ਉਨ੍ਹਾਂ ਨੇ ਮੈਨੂੰ ਉੱਕਾ ਹੀ ਡੱਕ ਰੱਖਿਆ ਹੈ। 18ਤੂੰ ਪ੍ਰੇਮੀ ਅਤੇ ਮਿੱਤਰ ਮੈਥੋਂ ਦੂਰ ਕਰ ਦਿੱਤੇ ਹਨ, ਅਤੇ ਮੇਰੇ ਜਾਣ-ਪਛਾਣ ਅਨ੍ਹੇਰ ਵਿੱਚ!।
This chapter is not in this version.
Keep going
Indian Revised Version — Punjabi (2019). Indian Revised Version (Punjabi), Bridge Connectivity Solutions, CC BY-SA 4.0, via eBible.org. Inline cross-reference notes removed..